ਮੁੱਖ ਮੰਤਰੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Chief Minister ਮੁੱਖ ਮੰਤਰੀ: ਰਾਜ ਦੀ ਕਾਰਜਪਾਲਿਕਾ ਦਾ ਮੁੱਖੀ ਰਾਜਪਾਲ ਹੁੰਦਾ ਹੈ। ਰਾਜਪਾਲ ਦੀ ਸਲਾਹ ਅਤੇ ਸਹਾਇਤਾ ਲਈ ਸੰਵਿਧਾਨ ਵਿਚ ਮੰਤਰੀ-ਪਰਿਸ਼ਦ ਦੀ ਵਿਵਸਥਾ ਕੀਤੀ ਗਈ ਹੈ ਜਿਸਦਾ ਮੁੱਖੀ ਮੁੱਖ ਮੰਤਰੀ ਹੁੰਦਾ ਹੈ। ਮੁੱਖ ਮੰਤਰੀ ਕੇਵਲ ਇਕ ਸਲਾਹਕਾਰੀ ਅਧਿਕਾਰੀ ਨਹੀਂ ਸਗੋਂ ਰਾਜ ਦਾ ਸ਼ਾਸਕ ਵੀ ਹੁੰਦਾ ਹੈ।

      ਰਾਜ ਵਿਧਾਨ ਸਭਾ ਵਿਚ ਬਹੁਮਤ ਦਾ ਸਮਰਥਨ ਪ੍ਰਾਪਤ ਵਿਅਕਤੀ ਹੀ ਮੁੱਖ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ। ਅਜਿਹੇ ਪਰੰਪਰਾ ਦੀ ਪਾਲਣਾ ਕਰਨਾ ਸੰਵਿਧਾਨਿਕ ਰੂਪ ਵਿਚ ਵੀ ਜ਼ਰੂਰੀ ਹੈ ਕਿਉਂਕਿ ਮੰਤਰੀ-ਪਰਿਸ਼ਦ ਸਮੂਹਿਕ ਰੂਪ ਵਿਚ ਵਿਘਾਨ ਸਭਾ ਨੂੰ ਉੱਤਰਦਾਈ ਹੈ। ਮੁੱਖ ਮੰਤਰੀ ਲਈ ਰਾਜ ਵਿਚ ਵਿਧਾਨ ਮੰਡਲ ਦਾ ਮੈਂਬਰ ਹੋਣਾ ਜ਼ਰੂਰੀ ਹੈ। ਉਹ ਦੋਵੇਂ ਸਦਨਾਂ ਵਿਚੋਂ ਕਿਸੇ ਇਕ ਸਦਨ ਦਾ ਮੈਂਬੁਰ ਹੋ ਸਕਦਾ ਹੈ। ਕਿਸੇ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ ਜੋ ਕਿਸੇ ਵੀ ਸਦਨ ਦਾ ਮੈਂਬਰ ਨਾ ਹੋਵੇ, ਪਰੰਤੂ ਛੇ ਮਹੀਨਿਆਂ ਦੇ ਸਮੇਂ ਦੇ ਅੰਦਰ ਅੰਦਰ ਉਸ ਲਈ ਕਿਸੇ ਸਦਨ ਦਾ ਮੈਂਬਰ ਚੁਣਿਆ ਜਾਣਾ ਅਵੱਸ਼ਕ ਹੈ।

      ਮੰਤਰੀ ਪਰਿਸ਼ਦ ਦੀ ਨਿਯੁਕਤੀ ਮੁੱਖ ਮੰਤਰੀ ਦੀ ਸਲਾਹ ਨਾਲ ਰਾਜਪਾਲ ਦੁਆਰਾ ਕੀਤੀ ਗਈ ਹੈ। ਰਾਜਪਾਲ ਆਪਣੀ ਮਰਜ਼ੀ ਅਨੁਸਾਰ ਕਿਸੇ ਵਿਧਾਇਕ ਨੂੰ ਨਾ ਤਾਂ ਮੰਤਰੀ ਨਿਯੁਕਤ ਕਰ ਸਕਦਾ ਹੈ ਅਤੇ ਨਾ ਹੀ ਉਹ ਉਸਨੂੰ ਹਟਾ ਸਕਦਾ ਹੈ, ਉਸ ਨੇ ਮੁੱਖ ਮੰਤਰੀ ਦੀ ਸਿਫ਼ਾਰਸ ਅਨੁਸਾਰ ਹੀ ਨਿਯੁਕਤੀ ਕਰਨੀ ਹੁੰਦੀ ਹੈ। ਮਹਿਕਮਿਆਂ ਦੀ ਵੰਡ ਵੀ ਮੁੱਖ ਮੰਤਰੀ ਕਰਦਾ ਹੈ, ਇਸ ਪੱਖੋਂ ਉਹ ਸੰਵਿਧਾਨਿਕ ਰੂਪ ਵਿਚ ਪੂਰਣ ਸੁਤੰਤਰ ਹੈ। ਮੁੱਖ ਮੰਤਰੀ, ਮੰਤਰੀ ਪਰਿਸ਼ਦ ਵਿਚ ਹਰ ਪ੍ਰਕਾਰ ਦੀ ਤਬਦੀਲੀ ਕਰ ਸਕਦਾ ਹੈ ਅਤੇ ਕਿਸੇ ਵੀ ਮੰਤਰੀ ਨੂੰ ਆਪਣੇ ਪਦ ਤੋਂ ਤਿਆਗ-ਪੱਤਰ ਦੇਣ ਲਈ ਵੀ ਕਹਿ ਸਕਦਾ ਹੈ। ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਚੇਅਰਮੈਨ ਹੁੰਦਾ ਹੈ। ਉਹ ਕੈਬਨਿਟ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ। ਮੁੱਖ ਮੰਤਰੀ ਮੰਤਰੀ ਪਰਿਸ਼ਦ ਦਾ ਮੁੰਖੀ ਹੁੰਦਾ ਹੈ। ਸਾਰੇ ਮੰਤਰੀ ਆਪਣੇ ਵਿਭਾਗਾਂ ਸਬੰਧੀ ਨਿੱਜੀ ਰੂਪ ਵਿਚ ਉਸਨੂੰ ਉਤਰਦਾਈ ਹੁੰਦੇ ਹਨ। ਸਾਰੇ ਮੰਤਰੀ ਮੁੱਖ ਮੰਤਰੀ ਦੀ ਸਲਾਹ ਨਾਲ ਕੰਮ ਕਰਦੇ ਹਨ। ਮੁੱਖ-ਮੰਤਰੀ ਰਾਜਪਾਲ ਅਤੇ ਮੰਤਰੀ-ਮੰਲ ਵਿਚਕਾਰ ਇਕ ਕੜੀ ਦਾ ਕੰਮ ਕਰਦਾ ਹੈ। ਮੰਤਰੀ ਮੰਡਲ ਦੇ ਫੈਸਲਿਆਂ ਦੀ ਰਾਜਪਾਲ ਨੂੰ ਸੂਚਨਾ ਦੇਣਾ ਮੁੱਖ-ਮੰਤਰੀ ਦਾ ਸੰਵਿਧਾਨਿਕ ਕਰੱਤਵ ਹੈ। ਸ਼ਾਸਨ ਦੇ ਸਬੰਧ ਵਿਚ ਜੇ ਰਾਜਪਾਲ ਨੇ ਕੋਈ ਸਲਾਹ ਦੇਣੀ ਹੋਵੇ ਤਾਂ ਰਾਜਪਾਲ ਮੁੱਖ ਮੰਤਰੀ ਰਾਹੀਂ ਮੰਤਰੀਆਂ ਨਾਲ ਸੰਪਰਕ ਕਾਇਮ ਕਰਦਾ ਹੈ। ਮੁੱਖ ਮੰਤਰੀ ਕੇਵਲ ਮੰਤਰੀ ਮੰਡਲ ਦਾ ਹੀ ਨਹੀਂ ਸਗੋਂ ਵਿਧਾਨ-ਮੰਡਲ ਦਾ ਵੀ ਨੇਤਾ ਮੰਨਿਆ ਜਾਂਦਾ ਹੈ ਕਿਉਂਕਿ ਉਸਨੂੰ ਵਿਧਾਨ ਸਭਾ ਵਿਚ ਬਹੁਮਤ ਪ੍ਰਾਪਤ ਹੁੰਦਾ ਹੈ। ਵਿਧਾਨ ਮੰਡਲ ਵਿਚ ਨੀਤੀਆਂ ਅਤੇ ਹੋਰ ਮਹੱਤਵਪੂਰਣ ਨਿਰਣਿਆਂ ਦੀ ਘੋਸ਼ਣਾ ਮੁੱਖ ਮੰਤਰੀ ਹੀ ਕਰਦਾ ਹੈ।

      ਮੁੱਖ ਮੰਤਰੀ ਨੂੰ ਸਾਰੇ ਪ੍ਰਸ਼ਾਸਕੀ ਵਿਭਾਗਾਂ ਦੀ ਜਾਣਕਾਰੀ ਹੁੰਦਾ ਹੈ ਅਤੇ ਸਰਕਾਰ ਦੀ ਨੀਤੀ ਦਾ ਨਿਰਮਾਤਾ ਵੀ ਮੁੱਖ ਮੰਤਰੀ ਹੀ ਹੁੰਦਾ ਹੈ। ਵਿੱਤੀ ਖੇਤਰ ਵਿਚ ਵੀ ਉਸਦਾ ਪੂਰਾ ਨਿਯੰਤਰਣ ਹੁੰਦਾ ਹੈ। ਸਾਲਾਨਾ ਬਜਟ ਉਸਦੀ ਨਿਗਰਾਨੀ ਹੇਠ ਤਿਆਰ ਹੁੰਦਾ ਹੈ। ਗੱਲ ਕੀ ਰਾਜ ਦਾ ਅਸਲੀ ਸ਼ਾਸਕ ਮੁੱਖ ਮੰਤਰੀ ਹੀ ਹੁੰਦਾ ਹੈ। ਰਾਜਪਾਲ ਉਸਦੀ ਸਲਾਹ ਅਨੁਸਾਰ ਕੰਮ ਕਰਦਾ ਹੈ ਅਤੇ ਵਿਧਾਨ-ਮੰਡਲ ਉਸਦੀ ਨੀਤੀ ਅਨੁਸਾਰ ਹੀ ਕਾਨੂੰਨ ਦਾ ਨਿਰਮਾਣ ਕਰਦਾ ਹੈ। ਰਾਜਪਾਲ ਰਾਜ ਵਿਚ ਸਾਰੀਆਂ ਮਹੱਤਵਪੂਰਨ ਨਿਯੁਕਤੀਆਂ ਮੁੱਖ ਮੰਤਰੀ ਦੀ ਸਲਾਹ ਨਾਲ ਹੀ ਕਰਦਾ ਹੈ।

      ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਰਾਜ ਵਿਚ ਪ੍ਰਸ਼ਾਸ਼ਨ ਦਾ ਕੋਈ ਅਜਿਹਾ ਖੇਤਰ ਨਹੀਂ ਹੈ ਜੋ ਮੁੱਖ ਮੰਤਰੀ ਦੇ ਨਿਯੰਤਰਣ ਤੋਂ ਬਾਹਰ ਹੋਵੇ। ਕੋਈ ਵੀ ਕਾਨੂੰਨ ਉਸਦੀ ਇੱਛਾ ਤੋਂ ਬਿਨ੍ਹਾਂ ਨਹੀਂ ਬਣਾਇਆ ਜਾ ਸਕਦਾ। ਮੁੱਖ ਮੰਤਰੀ ਹਰ ਪੱਖ ਤੋਂ ਸਾਰਿਆਂ ਨਾਲੋਂ ਸਰਵ-ਉੱਚ ਹੈ ਅਤੇ ਉਸਦੀ ਸਥਿਤੀ ਬਹੁਤ ਹੀ ਮਹੱਤਵਪੂਰਣ ਅਤੇ ਪ੍ਰਭਾਵਸ਼ਾਲੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਮੁੱਖ ਮੰਤਰੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਮੁੱਖ ਮੰਤਰੀ : ਜਿਵੇਂ ਸੰਘ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਹੈ, ਉਸੇ ਤਰ੍ਹਾਂ ਰਾਜ ਦੀ ਕਾਰਜਪਾਲਿਕਾ ਦਾ ਮੁਖੀ ਰਾਜਪਾਲ ਹੁੰਦਾ ਹੈ। ਰਾਜਪਾਲ ਦੀ ਸਲਾਹ ਅਤੇ ਸਹਾਇਤਾ ਦੇ ਲਈ ਸੰਵਿਧਾਨ ਵਿੱਚ ਮੰਤਰੀ-ਪਰਿਸ਼ਦ ਦੀ ਵਿਵਸਥਾ ਕੀਤੀ ਗਈ ਹੈ ਜਿਸਦਾ ਮੁਖੀ ਮੁੱਖ ਮੰਤਰੀ ਹੁੰਦਾ ਹੈ। ਇਹ ਸੱਚ ਹੈ ਕਿ ਮੁੱਖ ਮੰਤਰੀ ਦੀ ਵਿਵਸਥਾ ਰਾਜਪਾਲ ਦੀਆਂ ਸ਼ਕਤੀਆਂ ਦੀ ਵਰਤੋਂ ਲਈ ਸਲਾਹ ਅਤੇ ਸਹਾਇਤਾ ਦੇਣ ਲਈ ਕੀਤੀ ਗਈ ਹੈ, ਪਰ ਵਿਹਾਰ ਵਿੱਚ ਮੁੱਖ ਮੰਤਰੀ ਇੱਕ ਸਲਾਹਕਾਰ ਨਹੀਂ ਹੈ, ਬਲਕਿ ਰਾਜ ਦਾ ਵਾਸਤਵਿਕ ਸ਼ਾਸਕ ਹੈ।

ਸੰਵਿਧਾਨ ਅਨੁਸਾਰ ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਕਰਦਾ ਹੈ। ਰਾਜਪਾਲ ਕਿਸੇ ਵਿਅਕਤੀ ਨੂੰ ਆਪਣੀ ਮਰਜ਼ੀ ਨਾਲ ਮੁੱਖ ਮੰਤਰੀ ਦੇ ਪਦ ’ਤੇ ਬਿਰਾਜਮਾਨ ਨਹੀਂ ਕਰਦਾ, ਬਲਕਿ ਉਸ ਵਿਅਕਤੀ ਨੂੰ ਇਸ ਪਦ ਉੱਤੇ ਨਿਯੁਕਤ ਕਰਦਾ ਹੈ, ਜਿਸ ਨੂੰ ਰਾਜ ਵਿਧਾਨ-ਸਭਾ ਵਿੱਚ ਬਹੁਮਤ ਦਾ ਸਮਰਥਨ ਪ੍ਰਾਪਤ ਹੋਵੇ। ਅਜਿਹੀ ਪਰੰਪਰਾ ਦੀ ਪਾਲਣਾ ਕਰਨਾ ਸੰਵਿਧਾਨਿਕ ਪੱਖ ਤੋਂ ਵੀ ਜ਼ਰੂਰੀ ਹੈ ਕਿਉਂਕਿ ਮੰਤਰੀ-ਪਰਿਸ਼ਦ ਸਮੂਹਿਕ ਤੌਰ ’ਤੇ ਵਿਧਾਨ-ਸਭਾ ਵੱਲ ਜਵਾਬਦੇਹ ਹੁੰਦੀ ਹੈ। ਜੇਕਰ ਰਾਜਪਾਲ ਅਜਿਹਾ ਨਹੀਂ ਕਰਦਾ ਤਾਂ ਸਪੱਸ਼ਟ ਹੈ ਕਿ ਵਿਧਾਨ-ਸਭਾ ਕਿਸੇ ਥੋਪੇ ਗਏ ਮੁੱਖ ਮੰਤਰੀ ਵਿਰੁੱਧ ਤੁਰੰਤ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਸਨੂੰ ਆਪਣਾ ਪਦ ਤਿਆਗ ਦੇਣ ਲਈ ਮਜਬੂਰ ਕਰ ਦੇਵੇਗੀ।

ਮੁੱਖ ਮੰਤਰੀ ਦੇ ਪਦ ਵਾਸਤੇ ਜ਼ਰੂਰੀ ਹੈ ਕਿ ਉਹ ਰਾਜ ਵਿਧਾਨ-ਮੰਡਲ ਦਾ ਮੈਂਬਰ ਹੋਵੇ ਪਰ ਅਜਿਹੇ ਵਿਅਕਤੀ ਨੂੰ ਵੀ ਮੁੱਖ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ, ਜਿਹੜਾ ਰਾਜ ਵਿਧਾਨ-ਮੰਡਲ ਦਾ ਮੈਂਬਰ ਨਹੀਂ ਪਰੰਤੂ ਅਜਿਹੇ ਵਿਅਕਤੀ ਨੂੰ 6 ਮਹੀਨੇ ਦੇ ਅੰਦਰ ਵਿਧਾਨ-ਮੰਡਲ ਦਾ ਮੈਂਬਰ ਬਣਨਾ ਜ਼ਰੂਰੀ ਹੁੰਦਾ ਹੈ। ਕਈ ਵਾਰ ਅਜਿਹੇ ਹਾਲਾਤ ਵੀ ਪੈਦਾ ਹੋ ਜਾਂਦੇ ਹਨ ਜਦੋਂ ਰਾਜਪਾਲ ਆਪਣੀ ਮਰਜ਼ੀ ਅਨੁਸਾਰ ਮੁੱਖ ਮੰਤਰੀ ਦੀ ਨਿਯੁਕਤੀ ਕਰ ਸਕਦਾ ਹੈ। ਜਿਵੇਂ ਜਦੋਂ ਵਿਧਾਨ-ਸਭਾ ਵਿੱਚ ਕਿਸੇ ਵੀ ਦਲ ਨੂੰ ਸਪਸ਼ਟ ਬਹੁਮਤ ਪ੍ਰਾਪਤ ਨਾ ਹੋਇਆ ਹੋਵੇ, ਜਾਂ ਕਿਸੇ ਮੁੱਖ ਮੰਤਰੀ ਦੀ ਅਚਾਨਕ ਮੌਤ ਹੋ ਜਾਵੇ ਜਾਂ ਉਹ ਖ਼ੁਦ ਤਿਆਗ ਪੱਤਰ ਦੇ ਦੇਵੇ ਤਾਂ ਰਾਜਪਾਲ ਆਪਣੀ ਇੱਛਾ ਨਾਲ ਕਿਸੇ ਵੀ ਵਿਅਕਤੀ ਨੂੰ ਮੁੱਖ ਮੰਤਰੀ ਦੇ ਪਦ ਤੇ ਨਿਯੁਕਤ ਕਰ ਸਕਦਾ ਹੈ। ਪਰ ਅਜਿਹਾ ਵਿਅਕਤੀ ਓਦੋਂ ਤੱਕ ਇਸ ਪਦ ’ਤੇ ਆਸੀਨ ਰਹਿੰਦਾ ਹੈ ਜਦ ਤੱਕ ਵਿਧਾਨ-ਸਭਾ ਵਿੱਚ ਬਹੁਮਤ ਦਲ ਆਪਣੇ ਨੇਤਾ ਦੀ ਚੋਣ ਨਹੀਂ ਕਰ ਲੈਂਦਾ।

ਵੈਸੇ ਤਾਂ ਮੁੱਖ ਮੰਤਰੀ ਦਾ ਕਾਰਜਕਾਲ ਵਿਧਾਨ-ਸਭਾ ਦੇ ਕਾਰਜਕਾਲ ਦੇ ਨਾਲ ਹੀ ਚੱਲਦਾ ਹੈ। ਪਰ ਵਿਹਾਰਿਕ ਰੂਪ ਵਿੱਚ ਮੁੱਖ ਮੰਤਰੀ ਉਸ ਸਮੇਂ ਤੱਕ ਆਪਣੇ ਪਦ ਉੱਤੇ ਬਿਰਾਜਮਾਨ ਰਹਿੰਦਾ ਹੈ ਜਦੋਂ ਤੱਕ ਉਸਨੂੰ ਵਿਧਾਨ-ਸਭਾ ਵਿੱਚ ਬਹੁਮਤ ਦਾ ਸਮਰਥਨ ਪ੍ਰਾਪਤ ਰਹਿੰਦਾ ਹੈ। ਸਮੇਂ ਤੋਂ ਪਹਿਲਾਂ ਵੀ ਵਿਧਾਨ-ਸਭਾ ਉਸਦੇ ਵਿਰੁੱਧ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਉਸਨੂੰ ਪਦ ਤੋਂ ਹਟਾ ਸਕਦੀ ਹੈ।

ਮੁੱਖ ਮੰਤਰੀ ਸਰਕਾਰ ਦਾ ਮੁੱਖੀ ਹੁੰਦਾ ਹੈ। ਮੁੱਖ ਮੰਤਰੀ ਆਪਣੇ ਸਾਥੀ ਮੰਤਰੀਆਂ ਦੀ ਸੂਚੀ ਬਣਾ ਕੇ ਰਾਜਪਾਲ ਨੂੰ ਭੇਜਦਾ ਹੈ, ਜਿਸਨੂੰ ਰਸਮੀ ਤੌਰ ’ਤੇ ਰਾਜਪਾਲ ਪ੍ਰਵਾਨ ਕਰ ਲੈਂਦਾ ਹੈ। ਮੁੱਖ ਮੰਤਰੀ ਹੀ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰਦਾ ਹੈ। ਮੰਤਰੀ-ਮੰਡਲ ਦਾ ਅਧਿਅਕਸ਼ ਹੁੰਦਾ ਹੈ। ਮੰਤਰੀ-ਮੰਡਲ ਦੀਆਂ ਬੈਠਕਾਂ ਦੀ ਕਾਰਜ ਸੂਚੀ ਤਿਆਰ ਕਰਦਾ ਹੈ। ਵਿਭਿੰਨ ਵਿਭਾਗਾਂ ਵਿੱਚ ਤਾਲਮੇਲ ਪੈਦਾ ਕਰਦਾ ਹੈ ਅਤੇ ਆਪਸੀ ਮੱਤ-ਭੇਦਾਂ ਨੂੰ ਦੂਰ ਕਰਦਾ ਹੈ। ਮੰਤਰੀਆਂ ਨੂੰ ਸਲਾਹ ਮਸ਼ਵਰਾ ਦਿੰਦਾ ਹੈ ਅਤੇ ਚੰਗੇ ਕੰਮਾਂ ਲਈ ਹੌਸਲਾ-ਅਫ਼ਜਾਈ ਕਰਦਾ ਹੈ, ਅਤੇ ਜੇਕਰ ਕੁਸ਼ਲਤਾਪੂਰਵਕ ਕੰਮ ਨਾ ਹੋ ਰਿਹਾ ਹੋਵੇ ਤਾਂ ਚਿਤਾਵਨੀ ਵੀ ਦਿੰਦਾ ਹੈ। ਰਾਜਪਾਲ ਤੇ ਮੰਤਰੀ-ਮੰਡਲ ਵਿਚਕਾਰ ਕੜੀ ਦਾ ਕੰਮ ਕਰਦਾ ਹੈ। ਉਹ ਰਾਜ ਵਿਧਾਨ-ਮੰਡਲ ਦਾ ਨੇਤਾ ਹੁੰਦਾ ਹੈ। ਵਿਧਾਨ-ਮੰਡਲ ਵਿੱਚ ਨੀਤੀ ਸੰਬੰਧੀ ਅਤੇ ਹੋਰ ਮਹੱਤਵਪੂਰਨ ਘੋਸ਼ਨਾਵਾਂ ਮੁੱਖ ਮੰਤਰੀ ਹੀ ਕਰਦਾ ਹੈ, ਉਹ ਰਾਜਪਾਲ ਦਾ ਮੁੱਖ ਸਲਾਹਕਾਰ ਹੁੰਦਾ ਹੈ। ਐਡਵੋਕੇਟ ਜਨਰਲ, ਰਾਜ ਲੋਕ ਸੇਵਾ ਆਯੋਗ ਦੇ ਚੇਅਰਮੈਨ ਤੇ ਮੈਂਬਰਾਂ, ਰਾਜ ਦੇ ਵਿਸ਼ਵ-ਵਿਦਿਆਲਿਆਂ ਦੇ ਉਪ ਕੁਲਪਤੀ ਆਦਿ ਦੀ ਨਿਯੁਕਤੀ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਅਨੁਸਾਰ ਹੀ ਕਰਦਾ ਹੈ।

ਰਾਜ ਪ੍ਰਸ਼ਾਸਨ ਦਾ ਕੋਈ ਅਜਿਹਾ ਖੇਤਰ ਨਹੀਂ ਹੈ ਜੋ ਕਿ ਮੁੱਖ ਮੰਤਰੀ ਦੇ ਨਿਯੰਤਰਨ ਤੋਂ ਬਾਹਰ ਹੋਵੇ। ਕੋਈ ਵੀ ਕਨੂੰਨ ਉਸ ਦੀ ਇੱਛਾ ਦੇ ਵਿਰੁੱਧ ਨਹੀਂ ਬਣਾਇਆ ਜਾ ਸਕਦਾ। ਮੁੱਖ ਮੰਤਰੀ ਦੀ ਇੱਛਾ ਬਗ਼ੈਰ ਨਾ ਤਾਂ ਕੋਈ ਵਿਅਕਤੀ ਮੰਤਰੀ ਪਦ ’ਤੇ ਨਿਯੁਕਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਹ ਆਪਣੇ ਪਦ ’ਤੇ ਰਹਿ ਸਕਦਾ ਹੈ। ਪਰ ਅਜਿਹਾ ਕਰਨ ਵੇਲੇ ਉਸਨੂੰ ਦਲ ਦੀਆਂ ਨੀਤੀਆਂ, ਦਲ ਦੇ ਪ੍ਰਮੁੱਖ ਅਧਿਕਾਰੀਆਂ ਦੇ ਨਿਰਦੇਸ਼ਾਂ ਆਦਿ ਨੂੰ ਵੀ ਧਿਆਨ ਵਿੱਚ ਰੱਖਣਾ ਪੈਂਦਾ ਹੈ। ਇਸ ਤੋਂ ਇਲਾਵਾ ਉਹ ਕਿਸੇ ਰਾਜਨੀਤਿਕ ਮਹੱਤਤਾ ਵਾਲੇ ਵਿਅਕਤੀ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦਾ। ਉਸ ਦੀਆਂ ਸ਼ਕਤੀਆਂ ਉੱਤੇ ਵਿਧਾਨ-ਮੰਡਲ ਅਤੇ ਜਨਮਤ ਬੰਦਸ਼ਾਂ ਲਗਾਉਂਦੇ ਹਨ। ਜੇਕਰ ਉਹ ਠੀਕ ਢੰਗ ਨਾਲ ਕੰਮ ਨਹੀਂ ਕਰਦਾ ਤਾਂ ਵਿਧਾਨ-ਮੰਡਲ ਉਸ ਵਿਰੁੱਧ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਕੇ ਉਸਨੂੰ ਪਦ ਤੋਂ ਹਟਾ ਸਕਦਾ ਹੈ।

ਇਸ ਦੇ ਬਾਵਜੂਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਜ ਦੇ ਪ੍ਰਸ਼ਾਸਨ ਵਿੱਚ ਮੁੱਖ ਮੰਤਰੀ ਦੀ ਬਹੁਤ ਹੀ ਪ੍ਰਭਾਵਸ਼ਾਲੀ ਭੂਮਿਕਾ ਹੁੰਦੀ ਹੈ। ਮੁੱਖ ਮੰਤਰੀ ਦੀ ਸਥਿਤੀ ਉਸ ਦੇ ਨਿੱਜੀ ਗੁਣਾਂ ਉੱਤੇ ਨਿਰਭਰ ਕਰਦੀ ਹੈ। ਇੱਕ ਸਮਝਦਾਰ ਅਤੇ ਗੁਣਵਾਨ ਵਿਅਕਤੀ ਮੁੱਖ ਮੰਤਰੀ ਦੇ ਪਦ ਦੇ ਗੌਰਵ ਨੂੰ ਵਧਾਉਂਦਾ ਹੈ ਪਰ ਇੱਕ ਕਮਜ਼ੋਰ ਤੇ ਗੁਣਹੀਨ ਰਾਜਨੀਤੀਵਾਨ ਇਸ ਪਦ ਦੇ ਗੌਰਵ ਨੂੰ ਮਿੱਟੀ ਵਿੱਚ ਮਿਲਾ ਦਿੰਦਾ ਹੈ।


ਲੇਖਕ : ਅਸ਼ਵਨੀ ਕੁਮਾਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 2924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-31-04-09-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

👍👍👍


Ashish Kumar, ( 2021/09/17 03:2153)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.